ਅੱਜ ਦਾ ਹੁਕਮਨਾਮਾ ( ਪੰਜਾਬੀ ਵਿੱਚ ), hukamnama from Golden Temple, 27.04.21

 ਅੱਜ ਦਾ ਹੁਕਮਨਾਮਾ ( ਪੰਜਾਬੀ ਵਿੱਚ )


 हिंदी में हुकमनामा पढ़ने के लिए यहां क्लिक करें

To read this page in English click here

ਅੱਜ ਦਾ ਹੁਕਮਨਾਮਾ

{ਸ੍ਰੀ ਦਰਬਾਰ ਸਾਹਿਬ, ਸ੍ਰੀ ਅੰਮ੍ਰਿਤਸਰ, ਮਿਤੀ :- 27.04.2021,

ਦਿਨ ਮੰਗਲਵਾਰ, ੧੫ ਵੈਸਾਖ, ਸੰਮਤ ੫੫੩, ਨਾਨਕਸ਼ਾਹੀ, ਅੰਗ –੭੨੯}

 

ਸੂਹੀ ਮਹਲਾ ੧ ਘਰੁ ੬

ੴ ਸਤਿਗੁਰ ਪ੍ਰਸਾਦਿ ॥

ਉਜਲੁ ਕੈਹਾ ਚਿਲਕਣਾ ਘੋਟਿਮ ਕਾਲੜੀ ਮਸੁ ॥ ਧੋਤਿਆ ਜੂਠਿ ਨ ਉਤਰੈ ਜੇ ਸਉ ਧੋਵਾ ਤਿਸੁ ॥੧॥ ਸਜਣ ਸੇਈ ਨਾਲਿ ਮੈ ਚਲਦਿਆ ਨਾਲਿ ਚਲੰਨਿ੍ ॥ ਜਿਥੈ ਲੇਖਾ ਮੰਗੀਐ ਤਿਥੈ ਖੜੇ ਦਿਸੰਨਿ ॥੧॥ ਰਹਾਉ ॥ ਕੋਠੇ ਮੰਡਪ ਮਾੜੀਆ ਪਾਸਹੁ ਚਿਤਵੀਆਹਾ ॥ ਢਠੀਆ ਕੰਮਿ ਨ ਆਵਨੀ੍ ਵਿਚਹੁ ਸਖਣੀਆਹਾ ॥੨॥ ਬਗਾ ਬਗੇ ਕਪੜੇ ਤੀਰਥ ਮੰਝਿ ਵਸੰਨਿ੍ ॥ ਘੁਟਿ ਘੁਟਿ ਜੀਆ ਖਾਵਣੇ ਬਗੇ ਨਾ ਕਹੀਅਨਿ੍ ॥੩॥ ਸਿੰਮਲ ਰੁਖੁ ਸਰੀਰੁ ਮੈ ਮੈਜਨ ਦੇਖਿ ਭੁਲੰਨਿ੍ ॥ ਸੇ ਫਲ ਕੰਮਿ ਨ ਆਵਨੀ੍ ਤੇ ਗੁਣ ਮੈ ਤਨਿ ਹੰਨਿ੍ ॥੪॥ ਅੰਧੁਲੈ ਭਾਰੁ ਉਠਾਇਆ ਡੂਗਰ ਵਾਟ ਬਹੁਤੁ ॥ ਅਖੀ ਲੋੜੀ ਨਾ ਲਹਾ ਹਉ ਚੜਿ ਲੰਘਾ ਕਿਤੁ ॥੫॥ ਚਾਕਰੀਆ ਚੰਗਿਆਈਆ ਅਵਰ ਸਿਆਣਪ ਕਿਤੁ ॥ ਨਾਨਕ ਨਾਮੁ ਸਮਾਲਿ ਤੂੰ ਬਧਾ ਛੁਟਹਿ ਜਿਤੁ ॥੬॥੧॥੩॥


ਵਿਆਖਿਆ:-

ਰਾਗ ਸੂਹੀ, ਘਰ ੬ ਵਿੱਚ ਗੁਰੂ ਨਾਨਕ ਦੇਵ ਜੀ ਦੀ ਬਾਣੀ।

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

             ਮੈਂ ਕੈਂਹ (ਦਾ) ਸਾਫ਼ ਤੇ ਲਿਸ਼ਕਵਾਂ (ਭਾਂਡਾ) ਘਸਾਇਆ (ਤਾਂ ਉਸ ਵਿਚੋਂ) ਮਾੜੀ ਮਾੜੀ ਕਾਲੀ ਸਿਆਹੀ (ਲੱਗ ਗਈ)। ਜੇ ਮੈਂ ਸੌ ਵਾਰੀ ਭੀ ਉਸ ਕੈਂਹ ਦੇ ਭਾਂਡੇ ਨੂੰ ਧੋਵਾਂ (ਸਾਫ਼ ਕਰਾਂ) ਤਾਂ ਭੀ (ਬਾਹਰੋਂ) ਧੋਣ ਨਾਲ ਉਸ ਦੀ (ਅੰਦਰਲੀ) ਜੂਠ (ਕਾਲਖ) ਦੂਰ ਨਹੀਂ ਹੁੰਦੀ ॥੧॥ ਮੇਰੇ ਅਸਲ ਮਿੱਤ੍ਰ ਉਹੀ ਹਨ ਜੋ (ਸਦਾ) ਮੇਰੇ ਨਾਲ ਰਹਿਣ, ਤੇ (ਇਥੋਂ) ਤੁਰਨ ਵੇਲੇ ਭੀ ਮੇਰੇ ਨਾਲ ਹੀ ਚੱਲਣ, (ਅਗਾਂਹ) ਜਿਥੇ (ਕੀਤੇ ਕਰਮਾਂ ਦਾ) ਹਿਸਾਬ ਮੰਗਿਆ ਜਾਂਦਾ ਹੈ ਉਥੇ ਅਝੱਕ ਹੋ ਕੇ ਹਿਸਾਬ ਦੇ ਸਕਣ (ਭਾਵ, ਹਿਸਾਬ ਦੇਣ ਵਿਚ ਕਾਮਯਾਬ ਹੋ ਸਕਣ) ॥੧॥ ਰਹਾਉ ॥ ਜੇਹੜੇ ਘਰ ਮੰਦਰ ਮਹਲ ਚੌਹਾਂ ਪਾਸਿਆਂ ਤੋਂ ਤਾਂ ਚਿੱਤਰੇ ਹੋਏ ਹੋਣ, ਪਰ ਅੰਦਰੋਂ ਖ਼ਾਲੀ ਹੋਣ, (ਉਹ ਢਹਿ ਜਾਂਦੇ ਹਨ ਤੇ) ਢੱਠੇ ਹੋਏ ਕਿਸੇ ਕੰਮ ਨਹੀਂ ਆਉਂਦੇ ॥੨॥ ਬਗਲਿਆਂ ਦੇ ਚਿੱਟੇ ਖੰਭ ਹੁੰਦੇ ਹਨ, ਵੱਸਦੇ ਭੀ ਉਹ ਤੀਰਥਾਂ ਉਤੇ ਹੀ ਹਨ। ਪਰ ਜੀਆਂ ਨੂੰ (ਗਲੋਂ) ਘੁੱਟ ਘੁੱਟ ਕੇ ਖਾ ਜਾਣ ਵਾਲੇ (ਅੰਦਰੋਂ) ਸਾਫ਼ ਸੁਥਰੇ ਨਹੀਂ ਆਖੇ ਜਾਂਦੇ ॥੩॥ (ਜਿਵੇਂ) ਸਿੰਬਲ ਦਾ ਰੁੱਖ (ਹੈ ਤਿਵੇਂ) ਮੇਰਾ ਸਰੀਰ ਹੈ, (ਸਿੰਬਲ ਦੇ ਫਲਾਂ ਨੂੰ) ਵੇਖ ਕੇ ਤੋਤੇ ਭੁਲੇਖਾ ਖਾ ਜਾਂਦੇ ਹਨ, (ਸਿੰਬਲ ਦੇ) ਉਹ ਫਲ (ਤੋਤਿਆਂ ਦੇ) ਕੰਮ ਨਹੀਂ ਆਉਂਦੇ, ਉਹੋ ਜੇਹੇ ਹੀ ਗੁਣ ਮੇਰੇ ਸਰੀਰ ਵਿਚ ਹਨ ॥੪॥ ਮੈਂ ਅੰਨ੍ਹੇ ਨੇ (ਸਿਰ ਉਤੇ ਵਿਕਾਰਾਂ ਦਾ) ਭਾਰ ਚੁੱਕਿਆ ਹੋਇਆ ਹੈ, (ਅਗਾਂਹ ਮੇਰਾ ਜੀਵਨ-ਪੰਧ) ਬੜਾ ਪਹਾੜੀ ਰਸਤਾ ਹੈ। ਅੱਖਾਂ ਨਾਲ ਭਾਲਿਆਂ ਭੀ ਮੈਂ ਰਾਹ-ਖਹਿੜਾ ਲੱਭ ਨਹੀਂ ਸਕਦਾ (ਕਿਉਂਕਿ ਅੱਖਾਂ ਹੀ ਨਹੀਂ ਹਨ। ਇਸ ਹਾਲਤ ਵਿਚ) ਕਿਸ ਤਰੀਕੇ ਨਾਲ (ਪਹਾੜੀ ਤੇ) ਚੜ੍ਹ ਕੇ ਮੈਂ ਪਾਰ ਲੰਘਾਂ ? ਹੇ ਨਾਨਕ ਜੀ! (ਪਹਾੜੀ ਰਸਤੇ ਵਰਗੇ ਬਿਖੜੇ ਜੀਵਨ-ਪੰਧ ਵਿਚੋਂ ਪਾਰ ਲੰਘਣ ਲਈ) ਦੁਨੀਆ ਦੇ ਲੋਕਾਂ ਦੀਆਂ ਖ਼ੁਸ਼ਾਮਦਾਂ, ਲੋਕ-ਵਿਖਾਵੇ ਤੇ ਚਲਾਕੀਆਂ ਕਿਸੇ ਕੰਮ ਨਹੀਂ ਆ ਸਕਦੀਆਂ। ਪਰਮਾਤਮਾ ਦਾ ਨਾਮ (ਆਪਣੇ ਹਿਰਦੇ ਵਿਚ) ਸਾਂਭ ਕੇ ਰੱਖ। (ਮਾਇਆ ਦੇ ਮੋਹ ਵਿਚ) ਬੱਝਾ ਹੋਇਆ ਤੂੰ ਇਸ ਨਾਮ (-ਸਿਮਰਨ) ਦੀ ਰਾਹੀਂ ਹੀ (ਮੋਹ ਦੇ ਬੰਧਨਾਂ ਤੋਂ) ਖ਼ਲਾਸੀ ਪਾ ਸਕੇਂਗਾ ॥੬॥੧॥੩॥

 हिंदी में हुकमनामा पढ़ने के लिए यहां क्लिक करें

To read this page in English click here


ਵਾਹਿਗੁਰੂ ਜੀ ਕਾ ਖਾਲਸਾ

ਵਾਹਿਗੁਰੂ ਜੀ ਕੀ ਫ਼ਤਿਹ

 

 



Post a Comment

Previous Post Next Post