ਜਨਮ ਅਸ਼ਟਮੀ
ਜਾਣ-ਪਛਾਣ:- ਜਨਮ ਅਸ਼ਟਮੀ ਇੱਕ ਹਿੰਦੂ ਤਿਉਹਾਰ ਹੈ। ਇਸ ਤਿਉਹਾਰ ਨੂੰ ਕ੍ਰਿਸ਼ਨਾ ਜਯੰਤੀ ਜਾਂ ਗੋਕੁਲਾਸ਼ਟਮੀ ਦੇ ਰੂਪ ਵਿੱਚ ਵੀ ਜਾਣਿਆ ਜਾਂਦਾ ਹੈ। ਇਸ ਤਿਉਹਾਰ ਨੂੰ ਸ਼੍ਰੀ ਕ੍ਰਿਸ਼ਨ ਦੇ ਜਨਮਦਿਨ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ। ਹਿੰਦੂ ਪੰਚਾਂਗ (ਭਾਵ ਹਿੰਦੂ ਕੈਲੰਡਰ) ਦੇ ਅਨੁਸਾਰ ਇਹ ਭਾਦੋਂ ਦੇ ਮਹੀਨੇ ਦੀ ਕ੍ਰਿਸ਼ਨ ਪੱਖ ਦੀ ਅਸ਼ਟਮੀ (ਭਾਵ ਅੱਠਵੇਂ ਦਿਨ) ਦੇ ਦਿਨ ਮਨਾਇਆ ਜਾਂਦਾ ਹੈ। ਇਸ ਸਾਲ ਵਿੱਚ ਇਹ ਦਿਨ ਅਗਸਤ ਮਹੀਨੇ ਦੀ 30 ਤਰੀਕ ਨੂੰ ਮਨਾਇਆ ਰਿਹਾ ਹੈ। ਇਹ ਭਾਰਤ ਦੇ ਲਗਭਗ ਸਾਰੇ ਹਿੱਸਿਆਂ ਅਤੇ ਕੁਝ ਵਿਦੇਸ਼ੀ ਮੁਲਕਾਂ ਵਿੱਚ ਵੀ ਬਹੁਤ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ। ਇਸ ਤਿਉਹਾਰ ਨੂੰ ਆਉਣ ਵਾਲੇ ਕੁਝ ਦਿਨਾਂ (ਸਾਲਾਂ) ਵਿੱਚ ਹੇਠ ਲਿੱਖੀਆ ਤਰੀਕਾਂ ਅਨੁਸਾਰ ਮਨਾਇਆ ਜਾਵੇਗਾ:-
ਸਾਲ |
ਦਿਨ |
ਮਿਤੀ |
2021 |
ਸੋਮਵਾਰ |
30, ਅਗਸਤ |
2022 |
ਵੀਰਵਾਰ |
18, ਅਗਸਤ |
2023 |
ਬੁੱਧਵਾਰ |
6, ਸਤੰਬਰ |
2024 |
ਸੋਮਵਾਰ |
26, ਅਗਸਤ |
2025 |
ਸ਼ੁੱਕਰਵਾਰ |
15, ਅਗਸਤ |
2026 |
ਸ਼ੁੱਕਰਵਾਰ |
4, ਸਤੰਬਰ |
ਇਸ ਤਿਉਹਾਰ ਨੂੰ ਮਣਾਉਣ ਦੇ ਰੀਤੀ ਰਿਵਾਜ:- ਇਸ ਦਿਨ ਬਹੁਤ
ਸਾਰੀਆਂ ਰਸਮਾਂ ਕੀਤੀਆਂ ਜਾਂਦੀਆਂ ਹਨ, ਜਿਵੇਂ ਕਿ ਬਹੁਤ ਸਾਰੇ ਲੋਕ ਇਸ ਦਿਨ ਵਰਤ ਰੱਖਦੇ ਹਨ, ਸ਼੍ਰੀ ਕ੍ਰਿਸ਼ਨ ਦੀ
ਪੂਜਾ ਕੀਤੀ ਜਾਂਦੀ ਹੈ, ਲੋਕ ਆਪਣੇ ਘਰਾਂ
ਨੂੰ ਸਜਾਉਂਦੇ ਹਨ ਅਤੇ ਖਾਸ ਕਰਕੇ ਸ਼੍ਰੀ ਕ੍ਰਿਸ਼ਨ ਦੇ ਮੰਦਰਾਂ ਨੂੰ ਵੀ ਸ਼ਰਧਾਲੂਆ ਦੁਆਰਾ ਸਜਾਇਆ
ਜਾਂਦਾ ਹੈ। ਲੋਕ ਭਗਵਾਨ ਸ਼੍ਰੀ ਕ੍ਰਿਸ਼ਨ ਦੀ ਬਾਲ ਕਥਾ (ਬਚਪਨ ਦੀ ਕਹਾਣੀ) ਬਹੁਤ
ਸ਼ਰਧਾ ਨਾਲ ਸੁਣਦੇ ਹਨ। ਬਾਲ ਸ਼੍ਰੀ ਕ੍ਰਿਸ਼ਨ ਦੀਆਂ ਮੂਰਤੀਆਂ ਨੂੰ ਬਹੁਤ ਹੀ ਆਦਰ ਅਤੇ
ਸਤਿਕਾਰ ਨਾਲ ਇਸ਼ਨਾਨ ਕਰਾਇਆ ਜਾਂਦਾ ਹੈ ਅਤੇ ਨਵੇਂ ਅਤੇ ਸੁੰਦਰ ਕਪੜਿਆਂ ਨਾਲ ਸਜਾਇਆ ਜਾਂਦਾ ਹੈ। ਲੋਕ ਸਜਾਵਟੀ
ਪੰਘੂੜੇ ਵਿੱਚ ਬਾਲ ਕ੍ਰਿਸ਼ਨ ਦੀ ਮੂਰਤੀ ਨੂੰ ਝੁਲਾਉਂਦੇ ਹਨ। ਕਈ ਥਾਵਾਂ ਤੇ
ਹਿੰਦੂ ਲੋਕ ਦਹੀ ਹਾਂਡੀ (ਮੱਖਣ ਜਾਂ ਦਹੀ ਨਾਲ ਭਰੇ ਮਿੱਟੀ ਦੇ ਭਾਂਡੇ) ਦੀ ਰਸਮ ਵੀ ਨਿਭਾਉਂਦੇ ਹਨ।
ਬਾਲ ਸ਼੍ਰੀ ਕ੍ਰਿਸ਼ਨ |
ਸ਼੍ਰੀ ਕ੍ਰਿਸ਼ਨ ਦੇ ਹੋਰ ਨਾਮ ਅਤੇ ਨਾਮ ਦੇ ਅਰਥ:- ਕ੍ਰਿਸ਼ਨ ਇੱਕ
ਸੰਸਕ੍ਰਿਤ ਭਾਸ਼ਾ ਦਾ ਸ਼ਬਦ ਹੈ ਜਿਸਦਾ ਅਰਥ ਹੈ ਕਾਲਾ, ਗੂੜਾ ਜਾਂ ਗੂੜਾ ਨੀਲਾ। ਉਹਨਾਂ ਦਾ ਨਾਮ
ਕ੍ਰਿਸ਼ਨਾ ਰੱਖਿਆ ਗਿਆ ਕਿਉਂਕਿ ਉਹਨਾਂ ਦੇ ਜਨਮ ਸਮੇਂ ਬਹੁਤ ਹੀ ਹਨੇਰੀ ਰਾਤ ਸੀ ਅਤੇ ਉਹਨਾਂ ਦਾ
(ਸ਼੍ਰੀ ਕ੍ਰਿਸ਼ਨ ਦਾ) ਰੰਗ ਵੀ ਸਾਂਵਲਾ ਸੀ। ਸ੍ਰੀ ਕ੍ਰਿਸ਼ਨ ਨੂੰ ਕਨ੍ਹੱਈਆ, ਮੁਰਲੀਧਰ, ਕੇਸ਼ਵ, ਸ਼ਿਆਮ, ਦਵਾਰਕਾਧੀਸ਼, ਗੋਪਾਲ, ਮੱਖਣਚੋਰ, ਵਾਸੂਦੇਵ ਆਦਿ ਦੇ
ਨਾਂਵਾਂ ਨਾਲ ਵੀ ਜਾਣਿਆ ਜਾਂਦਾ ਹੈ।
ਸ੍ਰੀ ਕ੍ਰਿਸ਼ਨ ਦਾ ਇਤਿਹਾਸ / ਜਨਮ ਕਥਾ:- ਸ੍ਰੀ ਕ੍ਰਿਸ਼ਨ
ਆਪਣੇ ਮਾਪਿਆਂ ਦੀ ਅੱਠਵੀਂ ਸੰਤਾਨ ਸਨ ਅਤੇ ਦੁਆਪਰ ਯੁਗ ਵਿੱਚ ਭਗਵਾਨ ਵਿਸ਼ਨੂੰ ਦਾ ਅੱਠਵਾਂ
ਅਵਤਾਰ ਸਨ ਅਤੇ ਭਾਦੋਂ ਦੇ ਮਹੀਨੇ ਦੀ ਕ੍ਰਿਸ਼ਨ ਪੱਖ ਦੇ ਅੱਠਵੇਂ ਦਿਨ ਨੂੰ ਓਹਨਾਂ ਦਾ
ਜਨਮ ਹੋਇਆ ਸੀ ਅਤੇ ਸ੍ਰੀ ਕ੍ਰਿਸ਼ਨ ਜੀ ਦੀਆਂ ਅੱਠ ਪਤਨੀਆਂ ਸਨ। ਉਹਨਾਂ ਨੂੰ ਜਨਮ
ਦੇਣ ਵਾਲੇ ਮਾਪੇ ਵਾਸੂਦੇਵ ਅਤੇ ਦੇਵਕੀ ਸਨ। ਅਤੇ ਪਾਲਣ -ਪੋਸ਼ਣ ਕਰਨ ਵਾਲੇ ਮਾਪੇ ਨੰਦਾ ਅਤੇ
ਯਸ਼ੋਦਾ ਸਨ। ਉਹਨਾਂ ਦਾ ਮਾਮਾ ਇੱਕ ਜ਼ਾਲਮ ਰਾਖਸ਼ਸ਼ ਰਾਜਾ ਸੀ। ਜਿਸ ਦਾ ਨਾਮ ਕੰਸ ਸੀ। ਸ੍ਰੀ ਕ੍ਰਿਸ਼ਨ ਦਾ
ਸਾਰਾ ਜੀਵਨ ਚਮਤਕਾਰਾਂ ਨਾਲ ਭਰਿਆ ਹੋਇਆ ਸੀ। ਭਾਰਤੀ ਪ੍ਰਾਚੀਨ ਇਤਿਹਾਸ ਦੇ ਪੰਨਿਆਂ ਤੋਂ ਬਾਲ ਸ੍ਰੀ
ਕ੍ਰਿਸ਼ਨ ਦੇ ਜਨਮ ਦੀਆਂ ਕੁਝ ਮੁੱਖ ਘਟਨਾਵਾਂ ਹੇਠ ਲਿਖੇ ਅਨੁਸਾਰ ਹਨ:-
ਆਕਾਸ਼ ਤੋਂ ਹੋਈ ਭਵਿੱਖਬਾਣੀ:- ਕੰਸ ਬਹੁਤ ਜ਼ਾਲਮ
ਸੁਭਾਅ ਦਾ ਰਾਜਾ ਸੀ। ਪੂਰੇ ਮਥੁਰਾ ਅਤੇ ਆਲੇ ਦੁਆਲੇ ਦੇ ਪਿੰਡਾਂ ਦੇ ਲੋਕ ਕੰਸ ਦੇ
ਅੱਤਿਆਚਾਰਾਂ ਤੋਂ ਬਹੁਤ ਦੁਖੀ ਸਨ। ਕੰਸ ਦੀ ਬੇਰਹਿਮੀ ਤੋਂ ਉਨ੍ਹਾਂ ਨੂੰ ਬਚਾਉਣ ਵਾਲਾ ਕੋਈ
ਨਹੀਂ ਸੀ। ਉਹ ਹਮੇਸ਼ਾ ਮਦਦ ਲਈ ਪ੍ਰਮਾਤਮਾ ਅੱਗੇ ਪ੍ਰਾਰਥਨਾ ਕਰਦੇ ਰਹਿੰਦੇ ਸਨ। ਇੱਕ ਦਿਨ ਅਕਾਸ਼
ਤੋਂ ਇੱਕ ਅਕਾਸ਼ਬਾਣੀ ਹੋਈ, ਇਸ ਦੁਆਰਾ ਖੁਦ ਆਪ ਭਗਵਾਨ
ਨੇ ਕੰਸ ਨੂੰ ਮਨੁੱਖਾਂ ਉੱਤੇ ਉਸਦੀ ਬੇਰਹਿਮੀ ਬਾਰੇ ਚੇਤਾਵਨੀ ਦਿੱਤੀ। ਅਕਾਸ਼ਬਾਣੀ ਨੇ
ਉਸਨੂੰ ਦੱਸਿਆ ਕਿ ਉਸਨੂੰ ਉਸਦੀ (ਕੰਸ ਦੀ) ਭੈਣ ਦੇ ਅੱਠਵੇਂ ਪੁੱਤਰ ਦੁਆਰਾ ਮਾਰ ਦਿੱਤਾ ਜਾਵੇਗਾ। ਇਸ ਨੇ ਕੰਸ ਦੇ ਮਨ
ਵਿੱਚ ਮੋਤ ਦਾ ਡਰ ਪੈਦਾ ਕਰ ਦਿੱਤਾ।
ਭੈਣ ਨੂੰ ਕਾਲ ਕੋਠੜੀ ਵਿੱਚ ਬੰਦ ਕੀਤਾ:- ਅਸਮਾਨ ਤੋਂ ਹੋਈ ਅਕਾਸ਼ਬਾਣੀ
ਸੁਣਨ ਤੋਂ ਬਾਅਦ ਕੰਸ ਡਰ ਨਾਲ ਭਰ ਗਿਆ। ਅਤੇ ਗੁੱਸੇ ਵਿੱਚ ਆ ਕੇ ਕੰਸ ਆਪਣੀ ਭੈਣ ਦੇਵਕੀ ਨੂੰ
ਮਾਰਨ ਜਾ ਰਿਹਾ ਸੀ। ਪਰ ਦੇਵਕੀ ਦੇ ਪਤੀ 'ਵਾਸੂਦੇਵ' ਨੇ ਕੰਸ ਨੂੰ ਬੇਨਤੀ ਕੀਤੀ ਕਿ ਕਿਰਪਾ ਕਰਕੇ ਦੇਵਕੀ ਨੂੰ ਨਾ ਮਾਰੋ, ਇਸ ਦੇ ਬੱਦਲੇ ਵਿੱਚ
ਉਹ ਆਪਣਾ ਹਰ ਬੱਚਾ ਉਸਨੂੰ ਦੇ ਦੇਣਗੇ। ਕੰਸ ਇਸ ਗੱਲ ਨਾਲ ਸਹਿਮਤ ਹੋ ਗਿਆ ਅਤੇ ਆਪਣੀ ਭੈਣ ਅਤੇ
ਉਸਦੇ ਪਤੀ ਨੂੰ ਆਪਣੇ ਸਿਪਾਹੀਆਂ ਦੀ ਸਖਤ ਸੁਰੱਖਿਆ ਦੇ ਅਧੀਨ ਇੱਕ ਹਨੇਰੀ ਕੋਠੜੀ (ਕਾਲ ਕੋਠੜੀ)
ਵਿੱਚ ਕੈਦ ਕਰ ਦਿੱਤਾ।
ਦੇਵਕੀ ਦੇ ਪਹਿਲੇ ਛੇ ਪੁੱਤਰਾਂ ਦੀ ਹੱਤਿਆ:- ਸਮਾਂ ਬੀਤਦਾ ਗਿਆ
ਅਤੇ ਦੇਵਕੀ ਨੇ ਇੱਕ ਤੋਂ ਬਾਅਦ ਇੱਕ ਆਪਣੇ ਛੇ ਬੱਚਿਆਂ ਨੂੰ ਜਨਮ ਦਿੱਤਾ। ਪਰ ਬੇਰਹਿਮ ਕੰਸ ਬੱਚੇ
ਦੇ ਜਨਮ ਦੇ ਕੁਝ ਪਲਾਂ ਦੇ ਅੰਦਰ ਹੀ ਉਸਨੂੰ ਮਾਰ ਦਿੰਦਾ ਸੀ। ਅਤੇ ਇਸ ਤਰਾਂ ਕੰਸ ਨੇ ਦੇਵਕੀ ਦੇ
ਛੇ ਬੱਚਿਆਂ ਨੂੰ ਇੱਕ ਇੱਕ ਕਰਕੇ ਪੈਦਾ ਹੁੰਦਿਆਂ ਹੀ ਮਾਰ ਦਿੱਤਾ। ਇਸ ਤੋਂ ਵਾਸੂਦੇਵ
ਅਤੇ ਦੇਵਕੀ ਬਹੁਤ ਦੁੱਖੀ ਰਹਿੰਦੇ ਸਨ। ਉਹ ਹਰ ਵਾਰ ਰੋ-ਰੋ ਕੇ ਰਹਿਮ ਦੀ ਭੀਖ ਮੰਗਦੇ ਸਨ। ਪਰ ਕੰਸ ਬਹੁਤ
ਜ਼ਾਲਮ ਸੀ, ਇੱਥੋਂ ਤੱਕ ਕਿ
ਉਸਨੇ ਆਪਣੀ ਹੀ ਭੈਣ ਦੇ ਹੰਝੂਆਂ ਨੂੰ ਨਜ਼ਰ ਅੰਦਾਜ਼ ਕਰ ਦਿੰਦਾ ਸੀ। ਕਿਉਂਕੀ ਉਸਦੇ
ਅੰਦਰ ਦੇਵਕੀ ਪ੍ਰਤੀ ਬਹੁਤ ਜਿਆਦਾ ਗੁੱਸਾ ਭਰਿਆ ਹੋਇਆ ਸੀ ਅਤੇ ਨਾਲ ਹੀ ਉਸਦੇ ਅੰਦਰ ਮੋਤ ਦਾ ਡਰ
ਵੀ ਸੀ।
ਦੇਵਕੀ ਦਾ ਸੱਤਵਾਂ ਬੱਚਾ:- ਦੇਵਕੀ ਦਾ ਸੱਤਵਾਂ
ਪੁੱਤਰ ਸ਼੍ਰੀ ਕ੍ਰਿਸ਼ਨ ਦੇ ਵੱਡੇ ਭਰਾ ਦੇ ਰੂਪ ਵਿੱਚ ਸ਼ੇਸ਼ਨਾਗ ਦਾ ਅਵਤਾਰ ਸੀ। ਉਸ ਦਾ ਨਾਂ ਬਲਰਾਮ
ਰੱਖਿਆ ਗਿਆ ਸੀ।
ਜਦੋਂ ਦੇਵਕੀ ਸੱਤਵੀਂ ਵਾਰ ਗਰਭਵਤੀ ਹੋਈ ਤਾਂ ਉਸਨੂੰ ਪੂਰਾ ਯਕੀਨ ਸੀ ਕਿ ਉਸਦੀ ਕੁੱਖ
ਵਿੱਚ ਇਹ ਕੋਈ ਆਮ ਬੱਚਾ ਨਹੀਂ ਹੈ, ਸਗੋਂ ਇਹ ਕੋਈ ਬ੍ਰਹਮ ਰੂਪੀ ਬੱਚਾ ਹੈ। ਇਹ ਉਨ੍ਹਾਂ ਦੇ
ਭਰਾ ਕੰਸ ਦੇ ਵਿਰੁੱਧ ਉਨ੍ਹਾਂ ਦੀ ਮਦਦ ਕਰ ਸਕਦਾ ਹੈ। ਬੱਚੇ ਦੀ ਸੁਰੱਖਿਆ
ਲਈ ਵਾਸੂਦੇਵ ਨੇ ਭਗਵਾਨ ਵਿਸ਼ਨੂੰ ਅੱਗੇ ਅਰਦਾਸ ਕੀਤੀ। ਸੱਚੇ ਦਿਲੋਂ ਕੀਤੀ
ਵਾਸੂਦੇਵ ਦੀ ਅਰਦਾਸ ਕਬੂਲ ਹੋਈ। ਯੋਗਮਾਯਾ (ਹਿੰਦੂ ਧਰਮ ਵਿੱਚ ਇੱਕ ਦੇਵੀ) ਨੇ ਭਗਵਾਨ ਵਿਸ਼ਨੂੰ
ਦੇ ਨਿਰਦੇਸ਼ ਅਨੁਸਾਰ ਦੇਵਕੀ ਦੇ ਗਰਭ ਦੇ ਭਰੂਣ ਨੂੰ ਵਾਸੂਦੇਵ ਦੀ ਦੂਜੀ ਪਤਨੀ 'ਰੋਹਿਣੀ' ਦੇ ਗਰਭ ਵਿੱਚ
ਤਬਦੀਲ ਕਰ ਦਿੱਤਾ। ਅਤੇ ਵਾਸੂਦੇਵ ਨੇ ਕੰਸ ਨੂੰ ਦੱਸਿਆ ਕਿ ਉਨ੍ਹਾਂ ਦਾ ਸੱਤਵਾਂ ਬੱਚਾ
ਗਰਭ ਵਿੱਚ ਹੀ ਮਰ ਗਿਆ ਸੀ। ਰੋਹਿਣੀ ਵਾਸੂਦੇਵ ਦੇ ਨਜ਼ਦੀਕੀ ਮਿੱਤਰ ਨੰਦ ਦੇ ਘਰ ਗੋਕੁਲ ਪਹੁੰਚ ਗਈ, ਉੱਥੇ ਉਸਨੇ
ਸੁਰੱਖਿਅਤ ਰੂਪ ਨਾਲ ਦੇਵਕੀ ਦੇ ਸੱਤਵੇਂ ਬੱਚੇ ਨੂੰ ਜਨਮ ਦਿੱਤਾ। ਉਸਦਾ ਨਾਮ ਬਲਰਾਮ ਰੱਖਿਆ ਗਿਆ
ਅਤੇ ਉਹ ਨੰਦ ਦੀ ਸੁਰੱਖਿਆ ਅਧੀਨ ਗੋਕੁਲ ਵਿੱਚ ਹੀ ਪਲਿਆ (ਵੱਡਾ ਹੋਇਆ)।
ਸ਼੍ਰੀ ਕ੍ਰਿਸ਼ਨ |
ਅੱਠਵੇਂ ਬੱਚੇ (ਸ਼੍ਰੀ ਕ੍ਰਿਸ਼ਨ) ਦਾ ਜਨਮ: - ਸਮੇਂ ਦੇ ਬੀਤਣ ਦੇ
ਨਾਲ, ਦੇਵਕੀ ਅੱਠਵੀਂ ਵਾਰ
ਗਰਭਵਤੀ ਹੋ ਗਈ। ਦੋਵੇਂ (ਦੇਵਕੀ ਅਤੇ ਵਾਸੂਦੇਵ) ਕੰਸ ਦੇ ਡਰ ਨਾਲ ਭਰੇ ਹੋਏ ਸਨ। ਜਦੋਂ ਕੰਸ ਨੂੰ ਦੇਵਕੀ
ਦੀ ਗਰਭ ਅਵਸਥਾ ਬਾਰੇ ਪਤਾ ਲੱਗਿਆ ਤਾਂ ਉਹ ਅੱਠਵੇਂ ਬੱਚੇ ਦੀ ਬੇਸਬਰੀ ਨਾਲ ਉਡੀਕ ਕਰਨ ਲੱਗ ਗਿਆ ਅਤੇ ਉਸ ਨੇ ਉਨ੍ਹਾਂ
ਦੀ ਕਾਲ ਕੋਠੜੀ ਦੇ ਆਲੇ ਦੁਆਲੇ ਪਹਿਰੇਦਾਰਾਂ ਦੀ ਗਿਣਤੀ ਵਧਾ ਦਿੱਤੀ। ਜਲਦੀ ਹੀ ਸਮਾਂ ਆ ਗਿਆ
ਅਤੇ ਅੱਧੀ ਰਾਤ ਨੂੰ ਦੇਵਕੀ ਨੇ ਆਪਣੇ ਅੱਠਵੇਂ ਬੱਚੇ (ਸ਼੍ਰੀ ਕ੍ਰਿਸ਼ਨ) ਨੂੰ ਜਨਮ ਦਿੱਤਾ।
ਹਿੰਦੂ ਪੰਚਾਂਗ ਦੇ ਅਨੁਸਾਰ, ਇਹ ਮੰਨਿਆ ਜਾਂਦਾ
ਹੈ ਕਿ ਸ਼੍ਰੀ ਕ੍ਰਿਸ਼ਨ ਦਾ
ਜਨਮ ਭਾਦੋਂ ਦੇ ਮਹੀਨੇ ਦੇ ਕ੍ਰਿਸ਼ਨ ਪੱਖ ਦੇ ਅਸ਼ਟਮੀ (ਭਾਵ ਅੱਠਵੇਂ ਦਿਨ) ਦੀ ਹਨੇਰੀ ਅੱਧੀ ਰਾਤ
ਨੂੰ ਹੋਇਆ ਸੀ।
ਕਾਲ ਕੋਠੜੀ ਦੇ ਅੰਦਰ ਚਮਤਕਾਰ:- ਇਹ ਬਹੁਤ ਹਨੇਰੀ
ਅਤੇ ਤੂਫਾਨੀ ਰਾਤ ਸੀ। ਅਸਮਾਨ ਵਿੱਚ ਬਿਜਲੀ ਚਮਕ ਰਹੀ ਸੀ। ਮਾਪੇ ਡਰ ਰਹੇ ਸਨ
ਅਤੇ ਰੱਬ ਦਾ ਨਾਮ ਜਪ ਰਹੇ ਸਨ। ਓਹਨਾਂ ਨੂੰ ਆਪਣੇ ਬੱਚੇ ਦੀ ਚਿੰਤਾ ਹੋ ਰਹੀ ਸੀ। ਅਚਾਨਕ
ਇੱਕ ਚਮਤਕਾਰ ਹੋਇਆ। ਰਾਤ ਹੋਰ ਹਨੇਰੀ ਹੋ ਗਈ, ਸਾਰੇ ਦੀਵੇ ਬੁਝ ਗਏ, ਸਾਰੇ ਪਹਿਰੇਦਾਰ ਗੂੜ੍ਹੀ ਨੀਂਦ ਵਿੱਚ ਚਲੇ ਗਏ, ਜੇਲ੍ਹ ਦੇ ਦਰਵਾਜ਼ੇ
ਖੁੱਲ੍ਹ ਗਏ ਅਤੇ ਵਾਸੂਦੇਵ ਦੇ ਪੈਰਾਂ ਦੀਆਂ ਜ਼ੰਜੀਰਾਂ ਖੁੱਲ੍ਹ ਗਈਆਂ। ਅਤੇ ਹਨੇਰੇ ਵਿੱਚ
ਇੱਕ ਚਮਕਦਾਰ ਰੌਸ਼ਨੀ ਪ੍ਰਗਟ ਹੋਈ। ਉਸ ਰੌਸ਼ਨੀ ਤੋਂ ਇੱਕ ਅਲੌਕਿਕ ਅਵਾਜ਼ ਆਈ, ਜੋ ਵਾਸੂਦੇਵ ਨੂੰ
ਬੱਚੇ ਨੂੰ ਯਮੁਨਾ ਨਦੀ ਦੇ ਪਾਰ ਲਿਜਾਣ ਦੀ ਹਿਦਾਇਤ ਦਿੰਦੀ ਹੈ। ਅਤੇ ਫਿਰ ਰੌਸ਼ਨੀ
ਅਤੇ ਆਵਾਜ਼ ਅਲੋਪ ਹੋ ਗਈ। ਵਾਸੂਦੇਵ ਨੇ ਆਪਣੇ ਬੱਚੇ ਨੂੰ ਚੁੱਕਿਆ ਤੇ ਜੇਲ੍ਹ ਤੋਂ ਬਾਹਰ ਚਲੇ
ਗਏ। ਬਾਹਰ ਹਰ ਕੋਈ ਨੀਂਦ ਵਿੱਚ ਸੀ, ਚਾਰੇ ਪਾਸੇ ਬਹੁਤ ਸ਼ਾਂਤੀ ਸੀ, ਸਿਰਫ ਬੱਦਲ ਗਰਜ ਰਹੇ ਸਨ। ਆਪਣੇ ਬੱਚੇ ਨੂੰ
ਭਾਰੀ ਮੀਂਹ ਅਤੇ ਤੂਫਾਨ ਤੋਂ ਬਚਾਉਣ ਲਈ, ਵਾਸੂਦੇਵ ਨੇ ਉਸਨੂੰ ਆਪਣੀ ਛਾਤੀ ਦੇ ਨਾਲ ਲਗਾ ਕੇ ਆਪਣੀਆਂ ਬਾਹਵਾਂ
ਵਿੱਚ ਲੁਕਾ ਲਿਆ ਅਤੇ ਯਮੁਨਾ ਨਦੀ ਦੇ ਕੰਢੇ ਤੇ ਪਹੁੰਚ ਗਏ।
ਇੱਕ ਉੱਚੀ ਲਹਿਰ
ਸ਼੍ਰੀ ਕ੍ਰਿਸ਼ਨ ਦੇ ਪੈਰਾਂ ਨੂੰ ਛੂਹਿਆ ਤੇ ਤੂਫਾਨ ਸ਼ਾਂਤ ਹੋ
ਗਿਆ।
ਯਮੁਨਾ ਨਦੀ ਵਿੱਚ ਚਮਤਕਾਰ:- ਭਾਰੀ ਬਾਰਸ਼ ਦੇ
ਕਾਰਨ ਨਦੀ ਵਿੱਚ ਹੜ੍ਹ ਆਇਆ ਹੋਇਆ ਸੀ, ਤੇਜ਼ ਲਹਿਰਾਂ ਵਗ ਰਹੀਆਂ ਸਨ। ਵਾਸੂਦੇਵ ਨੂੰ
ਆਪਣੇ ਬੱਚੇ ਦੀ ਫਿਕਰ ਹੋ ਰਹੀ ਸੀ। ਪਰ ਜੇਲ੍ਹ ਵਿੱਚ ਪ੍ਰਗਟ ਹੋਈ ਅਲੌਕਿਕ ਅਵਾਜ਼ ਦੇ
ਨਿਰਦੇਸ਼ਾਂ ਦੇ ਅਨੁਸਾਰ, ਉਸਨੇ ਰੱਬ ਨੂੰ ਯਾਦ
ਕੀਤਾ ਅਤੇ ਨਦੀ ਨੂੰ ਪਾਰ ਕਰਨਾ ਸ਼ੁਰੂ ਕਰ ਦਿੱਤਾ। ਵਿੱਚਕਾਰ ਜਾ ਕੇ ਨਦੀ
ਹੋਰ ਵੀ ਜਿਆਦਾ ਡੂੰਘੀ ਅਤੇ ਖਤਰਨਾਕ ਹੋ ਗਈ। ਵਾਸੂਦੇਵ ਨੇ ਆਪਣੇ ਬੱਚੇ ਨੂੰ ਆਪਣੇ ਸਿਰ ਦੇ ਉੱਪਰ
ਰੱਖ ਲਿਆ, ਪਰ ਜਿਵੇਂ ਜਿਵੇਂ ਉਹ
ਨਦੀ ਵਿੱਚ ਅੱਗੇ ਵਧ ਰਹੇ ਸਨ,
ਪਾਣੀ ਦਾ ਪੱਧਰ
ਲਗਾਤਾਰ ਉੱਚਾ ਹੁੰਦਾ ਜਾ ਰਿਹਾ ਸੀ। ਰੱਬ ਨੇ ਇੱਕ ਵਾਰ ਫਿਰ ਆਪਣੀ ਕਲਾ ਵਿੱਖਾਈ, ਤੇ ਇੱਕ ਹੋਰ ਚਮਤਕਾਰ ਹੋਇਆ। ਜਦੋਂ ਨਦੀ ਦਾ ਪਾਣੀ
ਸ਼੍ਰੀ ਕ੍ਰਿਸ਼ਨ ਦੇ ਪੈਰਾਂ ਤੱਕ ਪਹੁੰਚਿਆ ਤਾਂ ਉੱਚੀਆਂ ਲਹਿਰਾਂ
ਸ਼ਾਂਤ ਹੋ ਗਈਆਂ। ਅਜਿਹਾ ਲਗਦਾ ਸੀ ਜਿਵੇਂ ਪਾਣੀ ਸਿਰਫ ਸ਼੍ਰੀ ਕ੍ਰਿਸ਼ਨ ਦੇ ਪੈਰਾਂ ਨੂੰ
ਛੂਹਣ ਲਈ ਹੀ ਉੱਪਰ ਆਇਆ ਸੀ। ਹੁਣ ਨਦੀ ਦਾ ਪਾਣੀ ਥੱਲੇ ਜਾ ਰਿਹਾ ਸੀ, ਵਾਸੂਦੇਵ ਹੈਰਾਨ ਹੋ
ਗਏ ਪਰ ਉਹ ਨਦੀ ਪਾਰ ਕਰਦੇ ਰਹੇ। ਇਸ ਪ੍ਰਕਾਰ ਵਾਸੂਦੇਵ ਨੇ ਨਦੀ ਨੂੰ ਸੁਰੱਖਿਅਤ ਰੂਪ ਨਾਲ ਪਾਰ ਕਰ
ਲਿਆ ਅਤੇ ਉਹਨਾਂ ਦਾ ਬੱਚਾ ਵੀ ਸੁਰੱਖਿਅਤ ਸੀ। ਨਦੀ ਤੋਂ ਬਾਹਰ ਆ
ਕੇ ਉਹਨਾਂ ਨੇ ਸੁੱਖ ਦਾ ਸਾਹ ਲਿਆ
ਅਤੇ ਰੱਬ ਦਾ ਧੰਨਵਾਦ ਕੀਤਾ।
ਬੱਚੇ ਦੀ ਅਦਲਾ-ਬਦਲੀ:- ਕੁਝ ਦੇਰ ਤੁਰਨ
ਤੋਂ ਬਾਅਦ, ਵਾਸੂਦੇਵ ਆਪਣੇ ਇੱਕ
ਖਾਸ ਦੋਸਤ ਨੰਦ ਦੇ ਘਰ ਪਹੁੰਚੇ। ਉਨ੍ਹਾਂ ਨੇ ਉਸਨੂੰ ਸਾਰੀ ਕਹਾਣੀ ਦੱਸੀ ਅਤੇ ਉਸਨੂੰ
ਬ੍ਰਹਮੀ (ਅਲੌਕਿਕ) ਆਵਾਜ਼ ਬਾਰੇ ਵੀ ਦੱਸਿਆ। ਇਹ ਸੁਣ ਕੇ, ਨੰਦ ਆਪਣੀ ਨਵਜੰਮੀ ਧੀ ਨੂੰ ਵਾਸੂਦੇਵ ਦੇ ਪੁੱਤਰ ਨਾਲ ਬਦਲਣ ਲਈ ਤਿਆਰ
ਹੋ ਗਿਆ। (ਇਹ ਨਵਜੰਮੀ ਬੱਚੀ ਕੋਈ ਹੋਰ ਨਹੀਂ ਸੀ ਬਲਕਿ ਲੜਕੀ ਦੇ ਰੂਪ ਵਿੱਚ ਖੁਦ ਯੋਗਮਾਯਾ ਦੇਵੀ ਸੀ)। ਵਾਸੂਦੇਵ ਬਹੁਤ
ਦੁੱਖੀ ਸੀ। ਪਰ ਇਹ ਸਭ ਕਿਸਮਤ ਦੀ ਖੇਡ ਸੀ, ਜੋ ਖੁਦ ਰੱਬ ਦੁਆਰਾ
ਰਚਿਆ ਗਿਆ ਸੀ। ਵਾਸੂਦੇਵ ਨੇ ਆਪਣੇ ਪੁੱਤਰ ਦੇ ਮੱਥੇ ਨੂੰ ਚੁੰਮਿਆ ਅਤੇ ਉਸਨੂੰ ਨੰਦ
ਦੇ ਹਵਾਲੇ ਕਰ ਕੇ ਤੇ ਉਸਦੀ ਧੀ ਲੈ ਕੇ ਵਾਪਿਸ ਮਥੁਰਾ ਲਈ ਤੁਰ ਪਏ।
ਵਾਸੂਦੇਵ ਵਾਪਸ ਜੇਲ੍ਹ ਵਿੱਚ ਪਰਤੇ:- ਵਾਸੂਦੇਵ ਵਾਪਸ
ਜੇਲ੍ਹ ਵਿੱਚ ਆਏ ਅਤੇ ਉਨ੍ਹਾਂ ਨੇ ਬੱਚੀ ਨੂੰ ਦੇਵਕੀ ਦੇ ਹਵਾਲੇ ਕਰ ਦਿੱਤਾ। ਹੁਣ ਸਭ ਕੁਝ ਆਮ
ਵਾਂਗ ਹੋ ਗਿਆ ਸੀ, ਦਰਵਾਜ਼ੇ ਆਪਣੇ ਆਪ
ਦੁਬਾਰਾ ਬੰਦ ਹੋ ਗਏ ਅਤੇ ਪਹਿਰੇਦਾਰ ਜਾਗ ਪਏ। ਪਰ ਦੇਵਕੀ ਅਤੇ ਵਾਸੂਦੇਵ ਦੇ ਇਲਾਵਾ, ਹੋਰ ਕਿਸੇ ਨੂੰ ਨਹੀਂ ਪਤਾ ਸੀ ਕਿ ਉੱਥੇ ਕੀ ਹੋਇਆ ਸੀ। ਜਦੋਂ ਪਹਿਰੇਦਾਰਾਂ
ਨੇ ਬੱਚੇ ਨੂੰ ਵੇਖਿਆ ਅਤੇ ਉਹ ਬੱਚੇ ਬਾਰੇ ਜਾਣਕਾਰੀ ਦੇਣ ਲਈ ਕੰਸ ਦੇ ਕੋਲ ਪਹੁੰਚੇ। ਕੰਸ ਇਹ ਖੱਬਰ ਸੁਣ
ਕੇ ਕਾਹਲੀ ਨਾਲ ਉੱਥੇ ਆਇਆ ਅਤੇ ਬੱਚੇ ਨੂੰ ਦੇਵਕੀ ਕੋਲੋਂ ਖੋਹ ਲਿਆ। ਉਹ (ਦੇਵਕੀ ਅਤੇ
ਵਾਸੂਦੇਵ) ਰੋ ਪਏ ਅਤੇ ਓਹਨਾਂ ਨੇ ਕੰਸ ਨੂੰ ਬੇਨਤੀ ਕੀਤੀ "ਇਹ ਕੋਈ ਮੁੰਡਾ ਨਹੀਂ ਹੈ ਬਲਕਿ
ਇਹ ਇੱਕ ਲੜਕੀ ਹੈ, ਅੱਠਵੇਂ ਬੱਚੇ ਬਾਰੇ
ਹੋਈ ਅਕਾਸ਼ਬਾਣੀ ਹੁਣ ਗਲਤ ਸਾਬਿਤ ਹੋ ਚੁਕੀ ਹੈ, ਭਲਾ ਇੱਕ ਕੁੜੀ ਤੁਹਾਨੂੰ ਕਿਵੇਂ ਨੁਕਸਾਨ ਪਹੁੰਚਾ ਸਕਦੀ ਹੈ, ਕਿਰਪਾ ਕਰਕੇ ਉਸਨੂੰ
ਜ਼ਿੰਦਾ ਛੱਡ ਦਿਓ"। ਪਰ ਕੰਸ ਡਰ ਅਤੇ ਗੁੱਸੇ ਨਾਲ ਭਰਿਆ ਹੋਇਆ ਸੀ, ਉਸਨੇ ਉੱਚੀ ਆਵਾਜ਼
ਵਿੱਚ ਕਿਹਾ ਕਿ ਇਹ ਤੁਹਾਡਾ ਅੱਠਵਾਂ ਬੱਚਾ ਹੈ, ਮੈਂ ਇਸਨੂੰ ਜ਼ਰੂਰ ਮਾਰਾਂਗਾ।
ਯੋਗਮਾਯਾ ਦੇਵੀ ਨੇ ਵਾਸੂਦੇਵ
ਦਾ ਮਾਰਗ ਦਰਸ਼ਨ ਕੀਤਾ ਤੇ ਕੰਸ ਨੂੰ ਚੇਤਾਵਨੀ ਦਿੱਤੀ।
ਯੋਗਮਾਯਾ ਦੇਵੀ ਪ੍ਰਗਟ ਹੋਈ:- ਜਦੋਂ ਬੇਰਹਿਮ ਕੰਸ
ਬੱਚੀ ਨੂੰ ਇੱਕ ਪੱਥਰ ਦੇ ਉੱਪਰ ਮਾਰਨ ਹੀ ਵਾਲਾ ਸੀ, ਤਾਂ ਉਹ ਬੱਚੀ ਉਸਦੇ
ਹੱਥਾਂ ਵਿੱਚੋਂ ਨਿਕਲ ਗਈ ਅਤੇ ਹਵਾ ਵਿੱਚ ਉੱਡਣ ਲੱਗੀ। ਅਤੇ ਫਿਰ ਉਸਨੇ ਯੋਗਮਾਯਾ
ਦੇਵੀ ਦਾ ਭੇਸ਼ ਧਾਰਣ ਕਰ ਲਿਆ। ਉਸ ਦੇ ਪਿੱਛੇ ਚਾਰੇ ਪਾਸੇ ਬਹੁਤ ਤੇਜ਼ ਰੌਸ਼ਨੀ ਸੀ। ਹਰ ਕੋਈ ਇਸ
ਚਮਤਕਾਰ ਤੋਂ ਹੈਰਾਨ ਸੀ। ਉਸਨੇ ਕੰਸ ਨੂੰ ਉਸਦੇ ਅੱਤਿਆਚਾਰਾਂ ਅਤੇ ਪਾਪਾਂ ਲਈ ਚੇਤਾਵਨੀ ਦਿੱਤੀ। ਅਤੇ ਹੱਸਦੇ ਹੋਏ
ਉਸਨੂੰ ਕਿਹਾ ਕਿ “ਹੇ ਮੂਰਖ ਕੰਸ ! ਤੇਰਾ ਵਿਨਾਸ਼ਕਾਰ (ਤੈਨੂੰ ਮਾਰਨ ਵਾਲਾ) ਤਾਂ ਪਹਿਲਾਂ ਹੀ ਕਿਤੇ ਹੋਰ ਪਹੁੰਚ
ਚੁੱਕਾ ਹੈ ਅਤੇ ਉਹ ਪੂਰੀ ਤਰਾਂ ਸੁਰੱਖਿਅਤ ਹੈ”। ਇਸ ਤੋਂ ਬਾਅਦ ਉਹ
ਗਾਇਬ ਹੋ ਗਈ।
ਕੰਸ ਨੇ ਹਰ ਬੱਚੇ ਨੂੰ ਮਾਰਨਾ ਸ਼ੁਰੂ ਕਰ ਦਿੱਤਾ:- ਹੁਣ ਕੰਸ ਹੋਰ ਗੁੱਸੇ
ਨਾਲ ਭਰ ਗਿਆ ਪਰ ਉਹ ਅੰਦਰੋਂ ਡਰ ਵੀ ਰਿਹਾ ਸੀ। ਉਸਨੇ ਵਾਸੂਦੇਵ
ਅਤੇ ਦੇਵਕੀ ਨੂੰ ਉੱਚੀ ਆਵਾਜ਼ ਵਿੱਚ ਕਿਹਾ ਕਿ ਉਹ ਨਿਸ਼ਚਿਤ ਰੂਪ ਵਿੱਚ ਤੁਹਾਡਾ ਅੱਠਵਾਂ ਬੱਚਾ
ਲੱਭ ਲਵੇਗਾ ਅਤੇ ਉਸਨੂੰ ਮਾਰ ਦੇਵੇਗਾ। ਉਸਨੇ ਆਪਣੇ ਸਿਪਾਹੀਆਂ ਨੂੰ ਆਲੇ ਦੁਆਲੇ ਦੇ ਕਸਬਿਆਂ
ਅਤੇ ਪਿੰਡਾਂ ਦੇ ਸਾਰੇ ਨਵਜੰਮੇ ਬੱਚਿਆਂ ਨੂੰ ਮਾਰਨ ਦਾ ਆਦੇਸ਼ ਦੇ ਦਿੱਤਾ। ਸ੍ਰੀ ਕ੍ਰਿਸ਼ਨ
ਨੂੰ ਵੀ ਕਈ ਵਾਰ ਮਾਰਨ ਦੀ ਕੋਸ਼ਿਸ਼ ਕੀਤੀ ਗਈ, ਪਰ ਕੰਸ ਸ੍ਰੀ ਕ੍ਰਿਸ਼ਨ ਨੂੰ ਕੋਈ ਨੁਕਸਾਨ ਨਹੀਂ ਪਹੁੰਚਾ ਸਕਿਆ।
ਕੰਸ ਦਾ ਅੰਤ:- ਕੰਸ ਸ਼੍ਰੀ
ਕ੍ਰਿਸ਼ਨ ਨੂੰ ਮਾਰਨ ਦੀ ਕੋਸ਼ਿਸ਼ ਕਰ ਕਰਕੇ ਥੱਕ ਗਿਆ ਸੀ। ਪਰ ਉਹ ਉਨ੍ਹਾਂ
ਨੂੰ ਮਾਰ ਨਹੀਂ ਸਕਿਆ। ਉਸਨੇ ਇੱਕ ਯੋਜਨਾ ਬਣਾਈ। ਉਹ ਮਥੁਰਾ ਵਿਖੇ
ਸ੍ਰੀ ਕ੍ਰਿਸ਼ਨ ਨੂੰ ਸੱਦਾ ਦਿੰਦਾ ਹੈ। ਪਰ ਸ੍ਰੀ ਕ੍ਰਿਸ਼ਨ ਤਾਂ ਅੰਤਰਯਾਮੀ ਹਨ, ਅਤੇ ਉਹ ਹਰ ਕਿਸੇ ਦੇ ਮਨ ਦੀ ਜਾਣਦੇ ਹਨ। ਪਰ ਫਿਰ ਵੀ ਉਹ
ਆਪਣੇ ਵੱਡੇ ਭਰਾ ਬਲਰਾਮ ਨਾਲ ਉੱਥੇ ਪਹੁੰਚੇ। ਕੰਸ ਨੇ ਉਨ੍ਹਾਂ ਨੂੰ ਮਾਰਨ ਲਈ ਇੱਕ ਪਾਗਲ ਹਾਥੀ
ਭੇਜਿਆ ਪਰ ਉਨ੍ਹਾਂ ਨੇ ਹਾਥੀ ਦੀ ਸੁੰਡ ਕੱਟ ਦਿੱਤੀ ਅਤੇ ਉਸ ਨੂੰ ਮਾਰ ਦਿੱਤਾ। ਉਸਨੇ ਉਨ੍ਹਾਂ ਨੂੰ
ਆਪਣੇ ਸਰਬੋਤਮ ਪਹਿਲਵਾਨਾਂ ਨਾਲ ਲੜਾਈ ਲੜਨ ਲਈ ਚੁਣੌਤੀ ਦਿੱਤੀ, ਪਰ ਉਨ੍ਹਾਂ ਨੂੰ ਵੀ
ਸ਼੍ਰੀ ਕ੍ਰਿਸ਼ਨ ਅਤੇ ਬਲਰਾਮ ਨੇ ਇੱਕ ਇੱਕ ਕਰ ਕੇ ਮਾਰ ਦਿੱਤਾ। ਅਖੀਰ ਵਿੱਚ, ਸ਼੍ਰੀ ਕ੍ਰਿਸ਼ਨ ਨੇ
ਕੰਸ ਨੂੰ ਕਿਹਾ, “ਦੁਸ਼ਟ ਕੰਸ! ਤੇਰੇ
ਪਾਪਾਂ ਦਾ ਘੜਾ ਹੁਣ ਭਰ ਚੁੱਕਾ ਹੈ”। ਇਸ ਤੋਂ ਬਾਅਦ ਸ਼੍ਰੀ ਕ੍ਰਿਸ਼ਨ ਨੇ ਦਾਨਵ ਰਾਜਾ ਕੰਸ
ਨੂੰ ਆਪਣੇ ਸੁਦਰਸ਼ਨ ਚੱਕਰ ਨਾਲ ਮਾਰ ਦਿੱਤਾ। ਅਤੇ ਆਪਣੇ ਮਾਪਿਆਂ ਨੂੰ ਕੰਸ ਦੀ ਕੈਦ ਤੋਂ ਆਜ਼ਾਦ
ਕਰਵਾਇਆ। ਅਤੇ ਇਸ ਪ੍ਰਕਾਰ ਸ਼੍ਰੀ ਕ੍ਰਿਸ਼ਨ ਨੇ ਸਾਰੇ ਸੰਸਾਰ ਨੂੰ ‘ਬੁਰਿਆਈ ਉੱਤੇ
ਚੰਗਿਆਈ ਦੀ ਜਿੱਤ’ ਦਾ ਪਾਠ ਪੜ੍ਹਾਇਆ।ਸ਼੍ਰੀ ਕ੍ਰਿਸ਼ਨ ਨੇ ਕੰਸ ਨੂੰ
ਮਾਰ ਕੇ ਜਿੱਤ ਹਾਸਿਲ ਕੀਤੀ।
ਕੰਸ ਨੂੰ ਮਾਰਨ
ਵੇਲੇ ਦੀ ਸ਼੍ਰੀ ਕ੍ਰਿਸ਼ਨ ਦੀ ਸਹੀ ਉਮਰ ਦਾ ਅਨੁਮਾਨ ਲਗਾਉਣਾ ਤਾਂ ਬਹੁਤ ਮੁਸ਼ਕਿਲ ਹੈ। ਉਸ ਸਮੇਂ ਦੀ ਸ੍ਰੀ
ਕ੍ਰਿਸ਼ਨ ਦੀ ਉਮਰ ਬਾਰੇ ਵੱਖ -ਵੱਖ ਵਿਦਵਾਨਾਂ ਅਤੇ ਇਤਿਹਾਸਕਾਰਾਂ ਦੇ ਆਪਣੇ ਵੱਖਰੇ ਵਿਚਾਰ ਹਨ। ਪਰ ਆਮ ਤੌਰ ਤੇ ਇਹ
ਮੰਨਿਆ ਜਾਂਦਾ ਹੈ ਕਿ ਸ਼੍ਰੀ ਕ੍ਰਿਸ਼ਨ 12 ਸਾਲਾਂ ਦੇ ਸਨ ਜਦੋਂ ਉਹਨਾਂ ਨੇ ਆਪਣੇ ਮਾਮਾ ਕੰਸ ਨੂੰ ਮਾਰ ਦਿੱਤਾ
ਅਤੇ ਮਨੁੱਖਤਾ ਨੂੰ ਉਸਦੇ ਜ਼ਾਲਮ ਹੱਥਾਂ ਤੋਂ ਬਚਾਇਆ।
ਸਿੱਟਾ:- ਜਨਮ ਅਸ਼ਟਮੀ ਨੂੰ ਭਾਰਤ ਵਿੱਚ ਸ਼੍ਰੀ ਕ੍ਰਿਸ਼ਨ ਦੇ ਜਨਮ ਦਿਵਸ ਦੇ
ਰੂਪ ਵਿੱਚ ਬਹੁਤ ਜੋਸ਼ ਨਾਲ ਮਨਾਇਆ ਜਾਂਦਾ ਹੈ। ਸ਼੍ਰੀ ਕ੍ਰਿਸ਼ਨ
ਭਗਵਾਨ ਵਿਸ਼ਨੂੰ ਦੇ ਅੱਠਵੇਂ ਅਵਤਾਰ ਸਨ। ਉਸਨੇ ਸਮੁੱਚੇ ਵਿਸ਼ਵ ਨੂੰ ਪਿਆਰ ਅਤੇ ਮਨੁੱਖਤਾ ਦਾ
ਪਾਠ ਸਿਖਾਇਆ। ਉਹਨਾਂ ਨੇ ਦੱਸਿਆ ਕਿ ਚੰਗਿਆਈ ਹਮੇਸ਼ਾਂ ਬੁਰਾਈਆਂ ਉੱਤੇ ਜਿੱਤ ਪ੍ਰਾਪਤ
ਕਰਦੀ ਹੈ ਅਤੇ ਜਦੋਂ ਵੀ ਇਸ ਧਰਤੀ ਉੱਪਰ ਪਾਪ ਵੱਧੇਗਾ ਤਾਂ ਭਗਵਾਨ ਖੁੱਦ ਮਨੁੱਖਤਾ ਨੂੰ ਬਚਾਉਣ ਲਈ
ਆਉਣਗੇ।
ਸਤਿਕਾਰ:- ਸਾਡੀ ਵੈਬਸਾਈਟ ਤੇ ਆਉਣ ਅਤੇ ਸਾਡੇ ਲੇਖ ਨੂੰ ਪੜ੍ਹਨ ਲਈ ਤੁਹਾਡਾ
ਧੰਨਵਾਦ। ਅਸੀਂ ਉਮੀਦ ਕਰਦੇ ਹਾਂ ਕਿ ਤੁਸੀਂ ਸਾਡੇ ਲੇਖ ਤੋਂ ਸੰਤੁਸ਼ਟ ਹੋਵੋਗੇ ਅਤੇ ਇਹ ਵੀ ਆਸ
ਕਰਦੇ ਹਾਂ ਕਿ ਜਨਮ ਅਸ਼ਟਮੀ ਦੇ ਤਿਉਹਾਰ ਦੇ ਸੰਬੰਧ ਵਿੱਚ ਤੁਹਾਨੂੰ ਜੋ ਵੀ ਲੋੜੀਂਦਾ ਜਵਾਬ ਜਾਂ
ਜਾਣਕਾਰੀ ਚਾਹੀਦੀ ਸੀ ਤੁਸੀਂ ਓਹ ਪ੍ਰਾਪਤ ਕਰ ਲਈ ਹੋਵੇਗੀ। ਅਸੀਂ ਤੁਹਾਨੂੰ ਜਨਮ ਅਸ਼ਟਮੀ ਦੀ
ਬਹੁਤ-ਬਹੁਤ ਵਧਾਈ ਦਿੰਦੇ ਹਾਂ ਅਤੇ ਨਾਲ ਹੀ ਤੁਹਾਡੀ ਚੰਗੀ ਸਿਹਤ ਅਤੇ ਜੀਵਨ ਵਿੱਚ ਸਫਲਤਾ ਲਈ
ਅਰਦਾਸ ਕਰਦੇ ਹਾਂ, ਪ੍ਰਮਾਤਮਾ ਤੁਹਾਡੀ ਹਰ ਮੁਰਾਦ ਪੂਰੀ ਕਰੇ।
ਬੇਨਤੀ:- ਕਿਰਪਾ ਕਰਕੇ ਸਾਡੇ ਲੇਖਾਂ ਤੇ ਹੇਠਾਂ ਟਿੱਪਣੀ ਕਰੋ ਅਤੇ ਸਾਡੇ ਲੇਖਾਂ
ਵਿੱਚ ਪਾਈ ਗਈ ਕਿਸੇ ਵੀ ਗਲਤੀ ਜਾਂ ਕਮੀਆਂ ਬਾਰੇ ਸਾਨੂੰ ਸੁਝਾ ਦਿਓ। ਕਿਰਪਾ ਕਰਕੇ ਸਾਡੇ ਲੇਖਾਂ
ਅਤੇ ਵੈਬਸਾਈਟਾਂ ਨੂੰ ਦੂਜਿਆਂ ਨਾਲ ਵੀ ਸਾਂਝਾ ਕਰੋ। ਤੁਹਾਡਾ ਦਿਨ ਚੰਗਾ ਬੀਤੇ। ਹਮੇਸ਼ਾ ਹੱਸਦੇ
ਰਹੋ, ਵਸਦੇ ਰਹੋ।
ਧੰਨਵਾਦ।
ਹਮੇਸ਼ਾ ਹੱਸਦੇ ਰਹੋ |
Post a Comment