ਅੱਜ ਦਾ ਹੁਕਮਨਾਮਾ ( ਪੰਜਾਬੀ ਵਿੱਚ ), hukamnama from Golden Temple, 02.04.21

 ਅੱਜ ਦਾ ਹੁਕਮਨਾਮਾ ( ਪੰਜਾਬੀ ਵਿੱਚ )


 हिंदी में हुकमनामा पढ़ने के लिए यहां क्लिक करें

To read this in English click here

ਅੱਜ ਦਾ ਹੁਕਮਨਾਮਾ

{ ਸ਼੍ਰੀ ਦਰਬਾਰ ਸਾਹਿਬ, ਸ਼੍ਰੀ ਅੰਮਿ੍ਤਸਰ, ਮਿਤੀ :- 02.04.2021 , ਦਿਨ
ਸ਼ੁੱਕਰਵਾਰ ੨੦ ਚੇਤ, ਸੰਮਤ ੫੫੩, ( ਨਾਨਕਸ਼ਾਹੀ ), ਅੰਗ੫੯੯}

 

ਸੋਰਠਿ ਮਹਲਾ ੩ ਘਰੁ ੧

ੴ ਸਤਿਗੁਰ ਪ੍ਰਸਾਦਿ ॥

ਸੇਵਕ ਸੇਵ ਕਰਹਿ ਸਭਿ ਤੇਰੀ ਜਿਨ ਸਬਦੈ ਸਾਦੁ ਆਇਆ ॥ ਗੁਰ ਕਿਰਪਾ ਤੇ ਨਿਰਮਲੁ ਹੋਆ ਜਿਨਿ ਵਿਚਹੁ ਆਪੁ ਗਵਾਇਆ ॥ ਅਨਦਿਨੁ ਗੁਣ ਗਾਵਹਿ ਨਿਤ ਸਾਚੇ ਗੁਰ ਕੈ ਸਬਦਿ ਸੁਹਾਇਆ ॥੧॥ ਮੇਰੇ ਠਾਕੁਰ ਹਮ ਬਾਰਿਕ ਸਰਣਿ ਤੁਮਾਰੀ ॥ ਏਕੋ ਸਚਾ ਸਚੁ ਤੂ ਕੇਵਲੁ ਆਪਿ ਮੁਰਾਰੀ ॥ ਰਹਾਉ ॥ ਜਾਗਤ ਰਹੇ ਤਿਨੀ ਪ੍ਰਭੁ ਪਾਇਆ ਸਬਦੇ ਹਉਮੈ ਮਾਰੀ ॥ ਗਿਰਹੀ ਮਹਿ ਸਦਾ ਹਰਿ ਜਨ ਉਦਾਸੀ ਗਿਆਨ ਤਤ ਬੀਚਾਰੀ ॥ ਸਤਿਗੁਰੁ ਸੇਵਿ ਸਦਾ ਸੁਖੁ ਪਾਇਆ ਹਰਿ ਰਾਖਿਆ ਉਰ ਧਾਰੀ ॥੨॥ ਇਹੁ ਮਨੂਆ ਦਹ ਦਿਸਿ ਧਾਵਦਾ ਦੂਜੈ ਭਾਇ ਖੁਆਇਆ ॥ ਮਨਮੁਖ ਮੁਗਧੁ ਹਰਿ ਨਾਮੁ ਨ ਚੇਤੈ ਬਿਰਥਾ ਜਨਮੁ ਗਵਾਇਆ ॥ ਸਤਿਗੁਰੁ ਭੇਟੇ ਤਾ ਨਾਉ ਪਾਏ ਹਉਮੈ ਮੋਹੁ ਚੁਕਾਇਆ ॥੩॥ ਹਰਿ ਜਨ ਸਾਚੇ ਸਾਚੁ ਕਮਾਵਹਿ ਗੁਰ ਕੈ ਸਬਦਿ ਵੀਚਾਰੀ ॥ ਆਪੇ ਮੇਲਿ ਲਏ ਪ੍ਰਭਿ ਸਾਚੈ ਸਾਚੁ ਰਖਿਆ ਉਰ ਧਾਰੀ ॥ ਨਾਨਕ ਨਾਵਹੁ ਗਤਿ ਮਤਿ ਪਾਈ ਏਹਾ ਰਾਸਿ ਹਮਾਰੀ ॥੪॥੧॥

 

ਵਿਆਖਿਆ –

ਰਾਗ ਸੋਰਠਿ, ਘਰੁ ੧ ਵਿੱਚ ਗੁਰੂ ਅਮਰਦਾਸ ਜੀ ਦੀ ਬਾਣੀ,

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ

                   ਹੇ ਪ੍ਰਭੂ! ਤੇਰੇ ਜਿਨ੍ਹਾਂ ਸੇਵਕਾਂ ਨੂੰ ਗੁਰੂ ਦੇ ਸ਼ਬਦ ਦਾ ਰਸ ਆ ਜਾਂਦਾ ਹੈ, ਉਹੀ ਸਾਰੇ ਤੇਰੀ ਸੇਵਾ-ਭਗਤੀ ਕਰਦੇ ਹਨ। (ਹੇ ਭਾਈ!) ਜਿਸ ਮਨੁੱਖ ਨੇ ਗੁਰੂ ਦੀ ਕਿਰਪਾ ਨਾਲ ਆਪਣੇ ਅੰਦਰੋਂ ਆਪਾ-ਭਾਵ ਦੂਰ ਕਰ ਲਿਆ ਉਹ ਪਵਿਤ੍ਰ (ਜੀਵਨ ਵਾਲਾ) ਹੋ ਜਾਂਦਾ ਹੈ। ਜੇਹੜੇ ਮਨੁੱਖ ਗੁਰੂ ਦੇ ਸ਼ਬਦ ਵਿਚ (ਜੁੜ ਕੇ) ਹਰ ਵੇਲੇ ਸਦਾ-ਥਿਰ ਪ੍ਰਭੂ ਦੇ ਗੁਣ ਗਾਂਦੇ ਰਹਿੰਦੇ ਹਨ, ਉਹ ਸੋਹਣੇ ਜੀਵਨ ਵਾਲੇ ਬਣ ਜਾਂਦੇ ਹਨ।੧। ਹੇ ਮੇਰੇ ਮਾਲਕ-ਪ੍ਰਭੂ! ਅਸੀ (ਜੀਵ) ਤੇਰੇ ਬੱਚੇ ਹਾਂ, ਤੇਰੀ ਸਰਨ ਆਏ ਹਾਂ। ਸਿਰਫ਼ ਇਕ ਤੂੰ ਹੀ ਸਦਾ ਕਾਇਮ ਰਹਿਣ ਵਾਲਾ ਹੈਂ, (ਜੀਵ ਮਾਇਆ ਵਿਚ ਡੋਲ ਜਾਂਦੇ ਹਨ) ।ਰਹਾਉ। ਹੇ ਭਾਈ! ਜੇਹੜੇ ਮਨੁੱਖ ਗੁਰੂ ਦੇ ਸ਼ਬਦ ਦੀ ਰਾਹੀਂ (ਆਪਣੇ ਅੰਦਰੋਂ) ਹਉਮੈ ਮੁਕਾ ਲੈਂਦੇ ਹਨ, ਉਹ (ਮਾਇਆ ਦੇ ਮੋਹ ਆਦਿਕ ਵਲੋਂ) ਸੁਚੇਤ ਰਹਿੰਦੇ ਹਨ, ਉਹਨਾਂ ਨੇ ਹੀ ਪਰਮਾਤਮਾ ਦਾ ਮਿਲਾਪ ਪ੍ਰਾਪਤ ਕੀਤਾ ਹੈ। ਪਰਮਾਤਮਾ ਦੇ ਭਗਤ ਗੁਰੂ ਦੇ ਬਖ਼ਸ਼ੇ ਅਸਲ ਗਿਆਨ ਦੀ ਰਾਹੀਂ ਵਿਚਾਰਵਾਨ ਹੋ ਕੇ ਗ੍ਰਿਹਸਤ ਵਿਚ ਰਹਿੰਦੇ ਹੋਏ ਹੀ ਮਾਇਆ ਵਲੋਂ ਵਿਰਕਤ ਰਹਿੰਦੇ ਹਨ। ਉਹ ਭਗਤ ਗੁਰੂ ਦੀ ਦੱਸੀ ਸੇਵਾ ਕਰ ਕੇ ਸਦਾ ਆਤਮਕ ਆਨੰਦ ਮਾਣਦੇ ਹਨ, ਤੇ, ਪਰਮਾਤਮਾ ਨੂੰ ਆਪਣੇ ਹਿਰਦੇ ਵਿਚ ਵਸਾਈ ਰੱਖਦੇ ਹਨ।੨। ਹੇ ਭਾਈ! ਇਹ ਅੱਲ੍ਹੜ ਮਨ ਮਾਇਆ ਦੇ ਮੋਹ ਵਿਚ ਫਸ ਕੇ ਦਸੀਂ ਪਾਸੀਂ ਦੌੜਦਾ ਰਹਿੰਦਾ ਹੈ, ਤੇ, (ਜੀਵਨ ਦੇ ਸਹੀ ਰਸਤੇ ਤੋਂ) ਖੁੰਝਿਆ ਰਹਿੰਦਾ ਹੈ। ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮੂਰਖ ਮਨੁੱਖ ਪਰਮਾਤਮਾ ਦਾ ਨਾਮ ਚੇਤੇ ਨਹੀਂ ਕਰਦਾ, ਆਪਣਾ ਜੀਵਨ ਵਿਅਰਥ ਗਵਾ ਜਾਂਦਾ ਹੈ। ਪਰ ਜਦੋਂ ਉਸ ਨੂੰ ਗੁਰੂ ਮਿਲ ਪੈਂਦਾ ਹੈ ਤਦੋਂ ਉਹ ਹਰਿ-ਨਾਮ ਦੀ ਦਾਤਿ ਹਾਸਲ ਕਰਦਾ ਹੈ, ਤੇ, ਆਪਣੇ ਅੰਦਰੋਂ ਮਾਇਆ ਦਾ ਮੋਹ ਅਤੇ ਹਉਮੈ ਦੂਰ ਕਰ ਲੈਂਦਾ ਹੈ।੩। ਹੇ ਭਾਈ! ਗੁਰੂ ਦੇ ਸ਼ਬਦ ਦੀ ਰਾਹੀਂ ਵਿਚਾਰਵਾਨ ਹੋ ਕੇ ਪਰਮਾਤਮਾ ਦੇ ਦਾਸ ਸਦਾ-ਥਿਰ ਪ੍ਰਭੂ ਦਾ ਸਦਾ-ਥਿਰ ਨਾਮ ਸਿਮਰਨ ਦੀ ਕਮਾਈ ਕਰਦੇ ਰਹਿੰਦੇ ਹਨਸਦਾ-ਥਿਰ ਰਹਿਣ ਵਾਲੇ ਪਰਮਾਤਮਾ ਨੇ ਆਪ ਹੀ ਉਹਨਾਂ ਨੂੰ ਆਪਣੇ ਚਰਨਾਂ ਵਿਚ ਮਿਲਾ ਰੱਖਿਆ ਹੁੰਦਾ ਹੈ। ਉਹ ਸਦਾ ਕਾਇਮ ਰਹਿਣ ਵਾਲੇ ਪ੍ਰਭੂ ਨੂੰ ਆਪਣੇ ਹਿਰਦੇ ਵਿਚ ਵਸਾਈ ਰੱਖਦੇ ਹਨ। ਹੇ ਨਾਨਕ! ਆਖ-) ਪਰਮਾਤਮਾ ਦੇ ਨਾਮ ਤੋਂ ਹੀ ਉੱਚੀ ਆਤਮਕ ਅਵਸਥਾ ਤੇ (ਚੰਗੀ) ਅਕਲ ਪ੍ਰਾਪਤ ਹੁੰਦੀ ਹੈ। ਪਰਮਾਤਮਾ ਦਾ ਨਾਮ ਹੀ ਸਾਡਾ (ਜੀਵਾਂ) ਦਾ ਸਰਮਾਇਆ ਹੈ।੪।੧।


ਵਾਹਿਗੁਰੂ ਜੀ ਕਾ ਖਾਲਸਾ

ਵਾਹਿਗੁਰੂ ਜੀ ਕੀ ਫਤਿਹ




Post a Comment

Previous Post Next Post