ਅੱਜ
ਦਾ ਹੁਕਮਨਾਮਾ
{ ਸ਼੍ਰੀ ਦਰਬਾਰ ਸਾਹਿਬ, ਸ਼੍ਰੀ ਅੰਮਿ੍ਤਸਰ, ਮਿਤੀ :- 13-11-2020 , ਦਿਨ
ਸ਼ੁੱਕਰਵਾਰ (੨੮ ਕੱਤਕ, ਸੰਮਤ ੫੫੨, ਨਾਨਕਸ਼ਾਹੀ
), ਅੰਗ – ੭੨੯ }
ਵਿਆਖਿਆ - ਰਾਗ ਸੂਹੀ,
ਘਰ ੬ ਵਿੱਚ
ਗੁਰੂ ਨਾਨਕ ਦੇਵ ਜੀ ਦੀ ਬਾਣੀ ||
ਅਕਾਲ ਪੁਰਖ
ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ ||
ਮੈਂ ਕੈਂਹ (ਦਾ) ਸਾਫ਼ ਤੇ ਲਿਸ਼ਕਵਾਂ
(ਭਾਂਡਾ) ਘਸਾਇਆ (ਤਾਂ ਉਸ ਵਿਚੋਂ) ਮਾੜੀ ਮਾੜੀ ਕਾਲੀ ਸਿਆਹੀ (ਲੱਗ ਗਈ)। ਜੇ ਮੈਂ ਸੌ ਵਾਰੀ ਭੀ
ਉਸ ਕੈਂਹ ਦੇ ਭਾਂਡੇ ਨੂੰ ਧੋਵਾਂ (ਸਾਫ਼ ਕਰਾਂ) ਤਾਂ ਭੀ (ਬਾਹਰੋਂ) ਧੋਣ ਨਾਲ ਉਸ ਦੀ (ਅੰਦਰਲੀ)
ਜੂਠ (ਕਾਲਖ) ਦੂਰ ਨਹੀਂ ਹੁੰਦੀ ॥੧॥ ਮੇਰੇ ਅਸਲ ਮਿੱਤ੍ਰ ਉਹੀ ਹਨ ਜੋ (ਸਦਾ) ਮੇਰੇ ਨਾਲ ਰਹਿਣ, ਤੇ (ਇਥੋਂ) ਤੁਰਨ ਵੇਲੇ ਭੀ ਮੇਰੇ ਨਾਲ
ਹੀ ਚੱਲਣ,
(ਅਗਾਂਹ)
ਜਿਥੇ (ਕੀਤੇ ਕਰਮਾਂ ਦਾ) ਹਿਸਾਬ ਮੰਗਿਆ ਜਾਂਦਾ ਹੈ ਉਥੇ ਅਝੱਕ ਹੋ ਕੇ ਹਿਸਾਬ ਦੇ ਸਕਣ (ਭਾਵ, ਹਿਸਾਬ ਦੇਣ ਵਿਚ ਕਾਮਯਾਬ ਹੋ ਸਕਣ) ॥੧॥
ਰਹਾਉ ॥ ਜੇਹੜੇ ਘਰ ਮੰਦਰ ਮਹਲ ਚੌਹਾਂ ਪਾਸਿਆਂ ਤੋਂ ਤਾਂ ਚਿੱਤਰੇ ਹੋਏ ਹੋਣ, ਪਰ ਅੰਦਰੋਂ ਖ਼ਾਲੀ ਹੋਣ, (ਉਹ ਢਹਿ ਜਾਂਦੇ ਹਨ ਤੇ) ਢੱਠੇ ਹੋਏ
ਕਿਸੇ ਕੰਮ ਨਹੀਂ ਆਉਂਦੇ ॥੨॥ ਬਗਲਿਆਂ ਦੇ ਚਿੱਟੇ ਖੰਭ ਹੁੰਦੇ ਹਨ, ਵੱਸਦੇ ਭੀ ਉਹ ਤੀਰਥਾਂ ਉਤੇ ਹੀ ਹਨ। ਪਰ
ਜੀਆਂ ਨੂੰ (ਗਲੋਂ) ਘੁੱਟ ਘੁੱਟ ਕੇ ਖਾ ਜਾਣ ਵਾਲੇ (ਅੰਦਰੋਂ) ਸਾਫ਼ ਸੁਥਰੇ ਨਹੀਂ ਆਖੇ ਜਾਂਦੇ ॥੩॥
(ਜਿਵੇਂ) ਸਿੰਬਲ ਦਾ ਰੁੱਖ (ਹੈ ਤਿਵੇਂ) ਮੇਰਾ ਸਰੀਰ ਹੈ, (ਸਿੰਬਲ ਦੇ ਫਲਾਂ ਨੂੰ) ਵੇਖ ਕੇ ਤੋਤੇ ਭੁਲੇਖਾ ਖਾ
ਜਾਂਦੇ ਹਨ,
(ਸਿੰਬਲ ਦੇ)
ਉਹ ਫਲ (ਤੋਤਿਆਂ ਦੇ) ਕੰਮ ਨਹੀਂ ਆਉਂਦੇ, ਉਹੋ ਜੇਹੇ ਹੀ ਗੁਣ ਮੇਰੇ ਸਰੀਰ ਵਿਚ ਹਨ ॥੪॥ ਮੈਂ
ਅੰਨ੍ਹੇ ਨੇ (ਸਿਰ ਉਤੇ ਵਿਕਾਰਾਂ ਦਾ) ਭਾਰ ਚੁੱਕਿਆ ਹੋਇਆ ਹੈ, (ਅਗਾਂਹ ਮੇਰਾ ਜੀਵਨ-ਪੰਧ) ਬੜਾ ਪਹਾੜੀ ਰਸਤਾ ਹੈ।
ਅੱਖਾਂ ਨਾਲ ਭਾਲਿਆਂ ਭੀ ਮੈਂ ਰਾਹ-ਖਹਿੜਾ ਲੱਭ ਨਹੀਂ ਸਕਦਾ (ਕਿਉਂਕਿ ਅੱਖਾਂ ਹੀ ਨਹੀਂ ਹਨ। ਇਸ
ਹਾਲਤ ਵਿਚ) ਕਿਸ ਤਰੀਕੇ ਨਾਲ (ਪਹਾੜੀ ਤੇ) ਚੜ੍ਹ ਕੇ ਮੈਂ ਪਾਰ ਲੰਘਾਂ ? ॥੫॥ ਹੇ ਨਾਨਕ ਜੀ! (ਪਹਾੜੀ ਰਸਤੇ ਵਰਗੇ
ਬਿਖੜੇ ਜੀਵਨ-ਪੰਧ ਵਿਚੋਂ ਪਾਰ ਲੰਘਣ ਲਈ) ਦੁਨੀਆ ਦੇ ਲੋਕਾਂ ਦੀਆਂ ਖ਼ੁਸ਼ਾਮਦਾਂ, ਲੋਕ-ਵਿਖਾਵੇ ਤੇ ਚਲਾਕੀਆਂ ਕਿਸੇ ਕੰਮ
ਨਹੀਂ ਆ ਸਕਦੀਆਂ। ਪਰਮਾਤਮਾ ਦਾ ਨਾਮ (ਆਪਣੇ ਹਿਰਦੇ ਵਿਚ) ਸਾਂਭ ਕੇ ਰੱਖ। (ਮਾਇਆ ਦੇ ਮੋਹ ਵਿਚ)
ਬੱਝਾ ਹੋਇਆ ਤੂੰ ਇਸ ਨਾਮ (-ਸਿਮਰਨ) ਦੀ ਰਾਹੀਂ ਹੀ (ਮੋਹ ਦੇ ਬੰਧਨਾਂ ਤੋਂ) ਖ਼ਲਾਸੀ ਪਾ ਸਕੇਂਗਾ
॥੬॥੧॥੩॥
Waheguru ji
ReplyDeletePost a Comment